ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਚੌਥਾ ਟੀ-20 ਮੈਚ ਬਿਨਾਂ ਇੱਕ ਗੇਂਦ ਸੁੱਟੇ ਰੱਦ ਹੋਣ ਕਾਰਨ ਭਾਰਤੀ ਕ੍ਰਿਕਟ ਬੋਰਡ ਦੇ ਅੰਦਰ ਗੰਭੀਰ ਮੰਥਨ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ‘ਚ ਬੁੱਧਵਾਰ ਸ਼ਾਮ ਨੂੰ ਹੋਣ ਵਾਲੇ ਇਸ ਮੈਚ ਨੂੰ ਜ਼ਿਆਦਾ ਧੁੰਦ ਕਾਰਨ ਅਧਿਕਾਰਤ ਤੌਰ ‘ਤੇ ਰੱਦ ਘੋਸ਼ਿਤ ਕਰ ਦਿੱਤਾ ਗਿਆ ਸੀ, ਪਰ ਪ੍ਰਾਪਤ ਜਾਣਕਾਰੀ ਅਨੁਸਾਰ ਅਸਲ ਕਾਰਨ ਸੰਘਣਾ ਧੂੰਆਂ ਅਤੇ ਬਹੁਤ ਹੀ ਖਰਾਬ ਦਿੱਖ ਸੀ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ‘ਚ ਇਹ ਦੂਜੀ ਵਾਰ ਹੈ ਕਿ ਧੁੰਦ ਕਾਰਨ ਕਿਸੇ ਮੈਚ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਪਿਆ ਹੈ। ਮੈਚ ਸ਼ਾਮ ਸੱਤ ਵਜੇ ਸ਼ੁਰੂ ਹੋਣਾ ਸੀ ਪਰ ਸਥਿਤੀ ਲਗਾਤਾਰ ਵਿਗੜਦੀ ਗਈ। ਛੇ ਜਾਂਚਾਂ ਤੋਂ ਬਾਅਦ ਅੰਪਾਇਰਾਂ ਨੇ ਰਾਤ 9.30 ਵਜੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਖਿਡਾਰੀਆਂ ਨੇ ਸਮੇਂ ਤੋਂ ਪਹਿਲਾਂ ਅਭਿਆਸ ਵੀ ਸੀਮਤ ਕਰ ਦਿੱਤਾ ਸੀ ਅਤੇ ਦਰਸ਼ਕਾਂ ਦਾ ਵੱਡਾ ਹਿੱਸਾ ਸਟੇਡੀਅਮ ਤੋਂ ਬਾਹਰ ਨਿਕਲਣ ਲੱਗਾ ਸੀ।
ਇਸ ਘਟਨਾਕ੍ਰਮ ਨੂੰ ਗੰਭੀਰ ਮੰਨਦੇ ਹੋਏ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਸਪੱਸ਼ਟ ਕਿਹਾ ਹੈ ਕਿ ਬੋਰਡ ਨੂੰ ਸਰਦੀਆਂ ਵਿੱਚ ਉੱਤਰੀ ਭਾਰਤ ਵਿੱਚ ਮੈਚਾਂ ਦੀ ਮੇਜ਼ਬਾਨੀ ‘ਤੇ ਮੁੜ ਵਿਚਾਰ ਕਰਨਾ ਹੋਵੇਗਾ। ਉਸਨੇ ਮੰਨਿਆ ਕਿ ਹਵਾ ਪ੍ਰਦੂਸ਼ਣ ਹੁਣ ਸਿਰਫ਼ ਇੱਕ ਅਸੁਵਿਧਾ ਨਹੀਂ ਹੈ, ਸਗੋਂ ਇੱਕ ਐਮਰਜੈਂਸੀ ਹੈ ਅਤੇ ਇਸਨੂੰ ਇਸ ਤਰ੍ਹਾਂ ਮੰਨਿਆ ਜਾਣਾ ਚਾਹੀਦਾ ਹੈ।
ਪ੍ਰਾਪਤ ਅੰਕੜਿਆਂ ਮੁਤਾਬਕ ਮੈਚ ਦੌਰਾਨ ਲਖਨਊ ਦਾ ਹਵਾ ਗੁਣਵੱਤਾ ਸੂਚਕ ਅੰਕ 400 ਨੂੰ ਪਾਰ ਕਰ ਗਿਆ ਸੀ, ਜੋ ‘ਖ਼ਤਰਨਾਕ’ ਸ਼੍ਰੇਣੀ ਵਿੱਚ ਆਉਂਦਾ ਹੈ। ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਅਭਿਆਸ ਦੌਰਾਨ ਸਰਜੀਕਲ ਮਾਸਕ ਪਹਿਨੇ ਦੇਖਿਆ ਗਿਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ ਸਨ ਅਤੇ ਬੋਰਡ ਦੀ ਯੋਜਨਾ ‘ਤੇ ਸਵਾਲ ਖੜ੍ਹੇ ਹੋ ਗਏ ਸਨ।
ਨਿਰੀਖਣ ਦੌਰਾਨ ਰਾਜੀਵ ਸ਼ੁਕਲਾ ਖੁਦ ਫੀਲਡ ਵਿੱਚ ਆਏ ਸਨ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਦੀ ਬਾਡੀ ਲੈਂਗਵੇਜ ਤੋਂ ਸਥਿਤੀ ਦੀ ਗੰਭੀਰਤਾ ਸਾਫ਼ ਝਲਕ ਰਹੀ ਸੀ। ਕਿਉਂਕਿ ਇਸ ਮੈਚ ਲਈ ਕੋਈ ਰਿਜ਼ਰਵ ਦਿਨ ਨਹੀਂ ਰੱਖਿਆ ਗਿਆ ਸੀ, ਇਸ ਲਈ ਦੋਵੇਂ ਟੀਮਾਂ ਹੁਣ ਸੀਰੀਜ਼ ਦੇ ਨਿਰਣਾਇਕ ਮੈਚ ਲਈ ਅਹਿਮਦਾਬਾਦ ਲਈ ਰਵਾਨਾ ਹੋਣਗੀਆਂ, ਜਿੱਥੇ ਭਾਰਤ 2-1 ਨਾਲ ਅੱਗੇ ਹੈ।
ਇਸ ਪੂਰੇ ਦੌਰੇ ਦੇ ਸਥਾਨ ਦੀ ਚੋਣ ਵੀ ਆਲੋਚਨਾ ਦਾ ਵੱਡਾ ਕਾਰਨ ਬਣ ਰਹੀ ਹੈ। ਦੱਖਣੀ ਅਫਰੀਕਾ ਦਾ ਇਹ ਦੌਰਾ ਨਵੰਬਰ-ਦਸੰਬਰ ਵਿੱਚ ਨਿਊ ਚੰਡੀਗੜ੍ਹ, ਧਰਮਸ਼ਾਲਾ ਅਤੇ ਲਖਨਊ ਵਰਗੇ ਸ਼ਹਿਰਾਂ ਵਿੱਚ ਖੇਡਿਆ ਗਿਆ ਸੀ, ਜਿੱਥੇ ਇਸ ਸਮੇਂ ਦੌਰਾਨ ਠੰਡ, ਧੂੰਆਂ ਅਤੇ ਪ੍ਰਦੂਸ਼ਣ ਆਮ ਸਮੱਸਿਆਵਾਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਧਰਮਸ਼ਾਲਾ ‘ਚ ਖੇਡੇ ਗਏ ਟੀ-20 ‘ਚ ਤਾਪਮਾਨ 10 ਡਿਗਰੀ ਤੋਂ ਹੇਠਾਂ ਚਲਾ ਗਿਆ ਸੀ ਅਤੇ ਸਪਿੰਨਰ ਵਰੁਣ ਚੱਕਰਵਰਤੀ ਨੇ ਵੀ ਹਾਲਾਤ ਨੂੰ ਕਾਫੀ ਚੁਣੌਤੀਪੂਰਨ ਦੱਸਿਆ ਸੀ।
ਹੁਣ ਇਸ ਘਟਨਾ ਤੋਂ ਬਾਅਦ ਇਹ ਲਗਭਗ ਤੈਅ ਹੈ ਕਿ ਬੀਸੀਸੀਆਈ ਭਵਿੱਖ ਵਿੱਚ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਤਰੀ ਭਾਰਤ ਵਿੱਚ ਸਰਦ ਰੁੱਤ ਦੇ ਅੰਤਰਰਾਸ਼ਟਰੀ ਮੈਚਾਂ ਨੂੰ ਲੈ ਕੇ ਸਖ਼ਤ ਅਤੇ ਦੂਰਗਾਮੀ ਫੈਸਲੇ ਲੈਣ ਵੱਲ ਵਧ ਸਕਦਾ ਹੈ।
