ਫ਼ਾਜ਼ਿਲਕਾ, ਪੰਜਾਬ
ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਦੋਨਾਂ ਨਾਨਕਾ ਨਿਵਾਸੀ ਅਤੇ ਇਲਾਕੇ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਬੰਤਾ ਸਿੰਘ ਨੰਬਰਦਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਬੰਤਾ ਸਿੰਘ ਪਿੰਡ ਦੋਨਾਂ ਨਾਨਕਾ ਅਤੇ ਮਹਾਤਮ ਨਗਰ ਚ ਪਿਛਲੇ ਕਈ ਦਹਾਕਿਆਂ ਤੋਂ ਨੰਬਰਦਾਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਦੀ ਉਮਰ ਕਰੀਬ 120 ਸਾਲ ਦੱਸੀ ਜਾ ਰਹੀ ਹੈ।

ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਵੱਲੋਂ ਬੁੱਧਵਾਰ ਨੂੰ ਰੀਤੀ ਰਿਵਾਜਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਦੂਰੋਂ ਦੂਰੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਉਹ ਇੱਕ ਵਧੀਆ ਇਨਸਾਨ ਅਤੇ ਚੰਗੇ ਸੁਭਾਅ ਦੇ ਮਾਲਕ ਸਨ ਅਤੇ ਹਰ ਕਿਸੇ ਦਾ ਕੰਮ ਬਿਨਾ ਕਿਸੇ ਲਾਲਚ ਦੇ ਕਰਦੇ ਸਨ।

ਇਸ ਮੌਕੇ ਉਨ੍ਹਾਂ ਦੇ ਲੜਕੇ ਮੰਗੂ ਸਿੰਘ ਨੇ ਦੱਸਿਆ ਉਨ੍ਹਾਂ ਦੇ ਪਿਤਾ ਬੰਤਾ ਸਿੰਘ ਦਾ ਜਨਮ ਜਨਵਰੀ 1905 ਚ ਹੋਇਆ ਸੀ। ਉਨ੍ਹਾਂ ਨੇ ਫ਼ਾਜ਼ਿਲਕਾ ਦੇ ਪਿੰਡ ਮੌਜਮ ਦੇ ਨਜਦੀਕ ਇੱਕ ਮੌਲਵੀ ਕੋਲੋਂ ਪੜ੍ਹਾਈ ਕੀਤੀ ਸੀ। ਉਹ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਇੰਗਲਿਸ਼ ਆਦਿ ਭਾਸ਼ਾਵਾਂ ਚ ਆਪਣਾ ਨਾਮ ਵਗੈਰਾ ਲਿਖ ਸਕਦੇ ਸਨ ਅਤੇ ਉਹ ਜਿਆਦਾਤਰ ਉਰਦੂ ਵਿੱਚ ਹੀ ਆਪਣੇ ਦਸਤਖ਼ਤ ਕਰਦੇ ਸਨ।

ਉਨ੍ਹਾਂ ਨੇ ਦੇਸ਼ ਦੀ ਅਜਾਦੀ ਸਮੇਤ ਅੰਗਰੇਜ਼ੀ ਰਾਜ ਦੌਰਾਨ ਹੋਈਆਂ ਮਹੱਤਵਪੂਰਨ ਘਟਨਾਵਾਂ ਆਪਣੇ ਅੱਖੀਂ ਦੇਖੀਆਂ ਸਨ। ਫ਼ਾਜ਼ਿਲਕਾ ਦੇ ਘੰਟਾਘਰ ਬਣਨ ਸਮੇਂ ਉਨ੍ਹਾਂ ਦਾ ਪਹਿਲਾ ਵਿਆਹ ਹੋਇਆ ਹੋਇਆ ਸੀ। ਉਸ ਸਮੇਂ ਉਹ ਕਾਫੀ ਜਵਾਨ ਸਨ ਅਤੇ ਅਕਸਰ ਘੰਟਾਘਰ ਨੂੰ ਦੇਖਣ ਜਾਇਆ ਕਰਦੇ ਸਨ।

ਇਸ ਮੌਕੇ ਪਿੰਡ ਵਾਸੀ ਮੁਖਤਿਆਰ ਸਿੰਘ, ਵਜ਼ੀਰ ਸਿੰਘ, ਲਸ਼ਮਣ ਸਿੰਘ, ਦੇਸ ਸਿੰਘ ਸਾਬਕਾ ਸਰਪੰਚ ਪਿੰਡ ਮਹਾਤਮ ਨਗਰ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਨੇਕ ਸੁਭਾਅ ਦੇ ਮਾਲਕ ਸਨ। ਭਾਵੇਂ ਉਹ ਮਹਾਤਮ ਨਗਰ ਅਤੇ ਦੋਨਾਂ ਨਾਨਕਾ ਦੇ ਹੀ ਨੰਬਰਦਾਰ ਸਨ, ਪਰ ਉਨ੍ਹਾਂ ਕੋਲੋਂ ਕੰਮ ਲਈ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਆਉਂਦੇ ਸਨ।
ਨੰਬਰਦਾਰ ਵਜੋਂ ਉਨ੍ਹਾਂ ਨੇ ਕਰੀਬ 80 ਸਾਲਾਂ ਤੱਕ ਸੇਵਾ ਨਿਭਾਈ। ਉਨ੍ਹਾਂ ਦੀ ਇਲਾਕੇ ਚ ਬਹੁਤ ਪਹਿਚਾਣ ਸੀ ਅਤੇ ਲੋਕ ਉਨ੍ਹਾਂ ਦੇ ਨਾਮ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਇਲਾਕੇ ਦੇ ਲੋਕਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਇੱਕ ਬਹੁਤ ਵੱਡਾ ਘਾਟਾ ਹੋਇਆ ਹੈ।